ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ‘ਤੇ 30 ਤੋਂ 40 ਲੋਕਾਂ ਵੱਲੋਂ ਹਮਲਾ ਕਰਨ ਦਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਸ਼ਵਨੀ ਸ਼ਰਮਾ ਜਲੰਧਰ ਤੋਂ ਵਾਪਸ ਜਾ ਰਹੇ ਸਨ ਤਾਂ ਅੰਦੋਲਨ ਕਰ ਰਹੇ ਕਿਸਾਨਾਂ ਨੇ ਉਹਨਾਂ ‘ਤੇ ਧਾਵਾ ਬੋਲ ਦਿੱਤਾ ਹੈ।
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਮਗਰੋ ਅੱਜ ਪਹਿਲੀ ਵਾਰ ਇਸ ਦਾ ਸਿੱਧਾ ਸੇਕ ਭਾਜਪਾ ਨੂੰ ਉਸ ਸਮੇਂ ਲੱਗਾ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਇਸ ਦੌਰਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਵੀ ਕੀਤਾ। ਸੁਰੱਖਿਆ ਕਰਮੀਆਂ ਨੇ ਮਸਾ ਸ਼ਰਮਾ ਨੂੰ ਬਚਾਇਆ। ਫਿਲਹਾਲ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਦਸੂਹਾ ਪੁਲਿਸ ਥਾਣੇ ਵਿਚ ਆਪਣੀ ਸ਼ਿਕਾਇਤ ਲਿਖਾਉਣ ਉਤੇ ਪੁਲਿਸ ਦੀ ਵਾਧੂ ਸੁਰੱਖਿਆ ਲੈਣ ਲਈ ਅਟਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਲਈ ਇਸ ਲਈ ਨਹੀਂ ਨਿਕਲ ਰਹੇ ਕਿਉਂਕਿ ਮਾਨਸਰ ਟੋਲ ਪਲਾਜਾ ‘ਤੇ ਵੀ ਕਿਸਾਨ ਉਨਾਂ ਦਾ ਇੰਤਜਾਰ ਕਰਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਮਿਲਣ ਪਿੱਛੋਂ ਭਾਜਪਾ ਵਰਕਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਉਧਰ ਭਾਜਪਾ ਦਾ ਦੋਸ਼ ਹੈ ਕਿ ਹਮਲਾ ਸਿਆਸੀ ਸ਼ਹਿ ਉਤੇ ਹੋਇਆ ਹੈ।